ਨੈਤਿਕ-ਸੰਹਿਤਾ ਵਿਆਖਿਆਕਾਰ
ਇਸ ਪੰਨੇ ‘ਤੇ
ਅਨੁਵਾਦਕ ਅਤੇ ਦੁਭਾਸ਼ੀਏ ਦੀ ਨੈਤਿਕਤਾ
NAATI ਵੱਲੋਂ ਪ੍ਰਮਾਣਿਤ ਅਨੁਵਾਦਕ (translators) ਅਤੇ ਦੁਭਾਸ਼ੀਏ (interpreters) ਇੱਕ ਨੈਤਿਕ-ਸੰਹਿਤਾ ਅਤੇ ਆਚਾਰ-ਸੰਹਿਤਾ ਨਾਲ ਬੱਝੇ ਹੋਏ ਹੁੰਦੇ ਹਨ। ਇਸਦਾ ਅਰਥ ਹੈ ਕਿ ਤੁਸੀਂ ਕਿਸੇ ਵੀ NAATI-ਪ੍ਰਮਾਣਿਤ ਅਨੁਵਾਦਕ ਜਾਂ ਦੁਭਾਸ਼ੀਏ ’ਤੇ ਉਸੇ ਤਰ੍ਹਾਂ ਭਰੋਸਾ ਕਰ ਸਕਦੇ ਹੋ, ਜਿਵੇਂ ਤੁਸੀਂ ਕਿਸੇ ਡਾਕਟਰ ਜਾਂ ਅਕਾਉਂਟੈਂਟ ’ਤੇ ਕਰਦੇ ਹੋ।
ਉਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ:
- ਸਹੀ ਅਤੇ ਸਟੀਕ ਅਨੁਵਾਦ ਕਰਨ
- ਨਿਰਪੱਖ ਅਤੇ ਪੱਖਪਾਤ-ਰਹਿਤ ਰਹਿਣ
- ਤੁਹਾਡੀ ਜਾਣਕਾਰੀ ਨੂੰ ਗੁਪਤ ਰੱਖਣ
- ਨਿਰੰਤਰ ਪੇਸ਼ੇਵਰ ਵਿਕਾਸ ਰਾਹੀਂ ਆਪਣੇ ਹੁਨਰਾਂ ਨੂੰ ਬਣਾਈ ਰੱਖਣ
- ਸਿਰਫ਼ ਉਹੀ ਕੰਮ ਕਰਨ, ਜਿਸ ਲਈ ਉਹ ਸਿਖਲਾਈ ਜਾਂ ਪ੍ਰਮਾਣਿਕਤਾ ਰਾਹੀਂ ਯੋਗਤਾ ਪ੍ਰਾਪਤ ਹਨ (credentials)
ਨੈਤਿਕ ਦੁਬਿਧਾਵਾਂ ਉਹ ਸਮੱਸਿਆਵਾਂ ਹੁੰਦੀਆਂ ਹਨ ਜਿੱਥੇ ਪੇਸ਼ੇਵਰ ਕੰਮ ਦੇ ਦੌਰਾਨ ਕੋਈ ਵੀ ਹੱਲ ਸਪੱਸ਼ਟ ਰੂਪ ਵਿੱਚ ਸਹੀ ਜਾਂ ਗ਼ਲਤ ਨਹੀਂ ਹੁੰਦਾ ਹੈ। ਦੁਭਾਸ਼ੀਆਂ ਲਈ, ਇੱਥੇ ਕੁੱਝ ਨੈਤਿਕ ਦੁਬਿਧਾਵਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ ਜੋ ਉਨ੍ਹਾਂ ਦੇ ਕੰਮ ਵਿੱਚ ਆ ਸਕਦੀਆਂ ਹਨ:
- ਜੇਕਰ ਕੋਈ ਗਾਹਕ ਪੁਲਿਸ ਦੇ ਸਾਹਮਣੇ ਗਾਲ੍ਹਾਂ ਕੱਢਦਾ ਹੈ। ਦੁਭਾਸ਼ੀਏ ਨੂੰ ਗਾਹਕ ਦਾ ਪੁਲਿਸ ਨੂੰ ਗਾਲ੍ਹਾਂ ਕੱਢਣਾ ਅਣਉਚਿਤ ਲੱਗ ਸਕਦਾ ਹੈ ਜਾਂ ਉਹ ਜਾਣਦਾ ਹੈ ਕਿ ਗਾਲਾਂ ਕੱਢਣ ਨਾਲ ਗਾਹਕ ਮੁਸੀਬਤ ਵਿੱਚ ਪੈ ਜਾਵੇਗਾ। ਪਰ ਨੈਤਿਕ-ਸੰਹਿਤਾ ਦੁਭਾਸ਼ੀਏ ਨੂੰ ਸਹੀ ਅਤੇ ਨਿਰਪੱਖ ਰਹਿਣ ਦੀ ਹਿਦਾਇਤ ਦਿੰਦੀ ਹੈ, ਇਸ ਲਈ ਹਰ ਚੀਜ਼, ਜਿਸ ਵਿੱਚ ਗਾਲ੍ਹਾਂ ਵੀ ਸ਼ਾਮਲ ਹਨ, ਉਹ ਸਭ ਪੁਲਿਸ ਨੂੰ ਬਿਲਕੁਲ ਉਸੇ ਤਰ੍ਹਾਂ ਦੱਸਿਆ ਜਾਵੇਗਾ, ਅਤੇ ਪੁਲਿਸ ਵੱਲੋਂ ਕਿਹਾ ਗਿਆ ਸਭ ਕੁਝ ਵੀ ਗਾਹਕ ਨੂੰ ਸਹੀ ਤਰ੍ਹਾਂ ਦੱਸਿਆ ਜਾਵੇਗਾ।
- ਜੇਕਰ ਦੁਭਾਸ਼ੀਏ ਨੂੰ ਆਪਣੀ ਰਾਏ ਦੇਣ ਲਈ ਕਿਹਾ ਜਾਵੇ, ਜਿਵੇਂ ਕਿ ਉਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਝੂਠ ਬੋਲ ਰਿਹਾ ਹੈ। ਇਸ ਸਥਿਤੀ ਵਿੱਚ ਨੈਤਿਕ-ਸੰਹਿਤਾ ਦੁਭਾਸ਼ੀਏ ਨੂੰ ਨਿਰਪੱਖ ਰਹਿਣ ਅਤੇ ਆਪਣੀ ਭੂਮਿਕਾ ਦੀਆਂ ਹੱਦਾਂ ਸਪੱਸ਼ਟ ਕਰਨ ਲਈ ਮਾਰਗਦਰਸ਼ਨ ਦਿੰਦੀ ਹੈ: ਉਹ ਆਪਣੇ ਅਨੁਵਾਦ ਜਾਂ ਦੁਭਾਸ਼ੀਆ ਸੇਵਾ ਪ੍ਰਦਾਨ ਕਰਨ ਦੇ ਹਿੱਸੇ ਵਜੋਂ ਵਕਾਲਤ, ਮਾਰਗਦਰਸ਼ਨ ਜਾਂ ਸਲਾਹ ਦੇਣ ਵਿੱਚ ਸ਼ਾਮਲ ਨਹੀਂ ਹੁੰਦੇ ਹਨ।
- ਜੇਕਰ ਦੁਭਾਸ਼ੀਏ ਤੋਂ ਇਹ ਪੁੱਛਿਆ ਜਾ ਰਿਹਾ ਹੋਵੇ ਕਿ ਕੀ ਉਨ੍ਹਾਂ ਦੇ ਗਾਹਕ ਨੇ ਪਿਛਲੀ ਮੀਟਿੰਗ ਜਾਂ ਐਪੋਇੰਟਮੈਂਟ ਦੌਰਾਨ ਵੀ ਇਹੀ ਗੱਲ ਦੁਹਰਾਈ ਸੀ ਜਾਂ ਨਹੀਂ। ਇਸ ਸਥਿਤੀ ਵਿੱਚ ਨੈਤਿਕ-ਸੰਹਿਤਾ ਦੁਭਾਸ਼ੀਏ ਨੂੰ ਜਾਣਕਾਰੀ ਗੁਪਤ ਰੱਖਣ ਲਈ ਦੀ ਹਿਦਾਇਤ ਦਿੰਦੀ ਹੈ। ਭਾਵੇਂ ਕੋਈ ਡਾਕਟਰ ਦੁਭਾਸ਼ੀਏ ਨੂੰ ਇਹ ਪੁੱਛੇ ਕਿ ਕੀ ਮਰੀਜ਼ ਨੇ ਪਿਛਲੀ ਐਪੋਇੰਟਮੈਂਟ ਵਿੱਚ ਵੀ ਇਹੀ ਜਾਣਕਾਰੀ ਦਿੱਤੀ ਸੀ ਜਾਂ ਨਹੀਂ, ਦੁਭਾਸ਼ੀਆ ਇਹ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ ਹੈ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ, ਚਾਰ ਸੰਬੰਧਿਤ ਨੈਤਿਕ-ਸੰਹਿਤਾਵਾਂ ਲਾਗੂ ਹਨ: AUSIT, ASLITA, NZSTI ਅਤੇ SLIANZ।
- AUSIT (ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਟਰਪ੍ਰੇਟਰਜ਼ ਐਂਡ ਟ੍ਰਾਂਸਲੇਟਰਜ਼) ਨੈਤਿਕ-ਸੰਹਿਤਾ ਅਤੇ ਆਚਾਰ-ਸੰਹਿਤਾ (2012): ਜੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਬੋਲਚਾਲ ਵਾਲੀਆਂ ਭਾਸ਼ਾਵਾਂ ਨਾਲ ਕੰਮ ਕਰਨ ਵਾਲੇ ਸਾਰੇ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਹੈ
- ਧਿਆਨ ਦਿਓ ਕਿ AUSIT ਅਤੇ NZSTI ਇੱਕੋ ਨੈਤਿਕ-ਸੰਹਿਤਾ ਸਾਂਝੀ ਕਰਦੇ ਹਨ। ਤੁਸੀਂ NZSTI ਦੀ ਨੈਤਿਕ-ਸੰਹਿਤਾ ਇੱਥੇ ਪੜ੍ਹ ਸਕਦੇ ਹੋ।
- ASLIA (ਆਸਟ੍ਰੇਲੀਆਨ ਸਾਇਨ ਲੈਂਗਵਿਜ ਇੰਟਰਪ੍ਰੇਟਰਜ਼ ਐਸੋਸੀਏਸ਼ਨ) ਨੈਤਿਕ-ਸੰਹਿਤਾ ਅਤੇ ਪੇਸ਼ੇਵਰ ਆਚਰਣ ਲਈ ਮਾਰਗਦਰਸ਼ਨ (2007): ਜੋ ਕਿ ਸਾਰੇ ਔਸਲਾਨ ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਹੈ
- SLIANZ (ਸਾਇਨ ਲੈਂਗਵਿਜ ਇੰਟਰਪ੍ਰੇਟਰਜ਼ ਆਫ਼ ਨਿਊਜ਼ੀਲੈਂਡ) ਨੈਤਿਕ-ਸੰਹਿਤਾ ਅਤੇ ਆਚਰਣ ਸੰਹਿਤਾ (2012): ਜੋ ਕਿ ਨਿਊਜ਼ੀਲੈਂਡ ਵਿੱਚ NZSL ਨਾਲ ਕੰਮ ਕਰ ਰਹੇ ਸਾਰੇ ਦੁਭਾਸ਼ੀਆਂ ਲਈ ਹੈ
NAATI ਵੱਲੋਂ ਪ੍ਰਮਾਣਿਤ ਹੋਣ ਦੀ ਪ੍ਰਕਿਰਿਆ ਵਿੱਚ ਸੰਬੰਧਿਤ ਨੈਤਿਕ-ਸੰਹਿਤਾ ਬਾਰੇ ਗਿਆਨ ਅਤੇ ਸਮਝ ਹੋਣ ਦਾ ਪ੍ਰਦਰਸ਼ਨ ਕਰਨਾ ਸ਼ਾਮਲ ਹੁੰਦਾ ਹੈ। NAATI ਇਹ ਯਕੀਨੀ ਬਣਾਉਂਦਾ ਹੈ ਕਿ ਅਨੁਵਾਦਕ ਜਾਂ ਦੁਭਾਸ਼ੀਏ ਨੈਤਿਕਤਾ ਦੇ ਕੋਡ ਨੂੰ ਸਮਝਦੇ ਹਨ ਅਤੇ ਇਹ ਜਾਣਦੇ ਹਨ ਕਿ ਇਹ ਨਿਯਮ ਉਨ੍ਹਾਂ ਦੇ ਕੰਮ ‘ਤੇ ਕਿਵੇਂ ਲਾਗੂ ਹੁੰਦੇ ਹਨ, ਅਤੇ ਇਹ ਵੀ ਜਾਣਦੇ ਹਨ ਕਿ ਉਹ ਨੈਤਿਕ ਦੁਬਿਧਾਵਾਂ ਦਾ ਜਵਾਬ ਕਿਵੇਂ ਦੇਣਗੇ।
ਨੈਤਿਕ-ਸੰਹਿਤਾ ਦੀਆਂ ਉਲੰਘਣਾਵਾਂ
ਕਦੇ-ਕਦੇ ਇਹ ਪਤਾ ਲੱਗਦਾ ਹੈ ਕਿ ਕਿਸੇ ਅਨੁਵਾਦਕ ਜਾਂ ਦੁਭਾਸ਼ੀਏ ਨੇ ਨੈਤਿਕ-ਸੰਹਿਤਾ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ, ਜਿਸਦੇ ਨਤੀਜੇ ਵਜੋਂ ਗਾਹਕ, ਉਸਦੇ ਰੁਜ਼ਗਾਰਦਾਤਾ ਜਾਂ ਕਿਸੇ ਹੋਰ ਸਾਥੀ ਪੇਸ਼ੇਵਰ ਨੂੰ ਨੁਕਸਾਨ ਜਾਂ ਹਾਨੀ ਪਹੁੰਚੀ ਹੋ ਸਕਦੀ ਹੈ। ਇਸਨੂੰ ਆਮ ਤੌਰ ’ਤੇ “ਨੈਤਿਕ-ਸੰਹਿਤਾ ਦੀ ਉਲੰਘਣਾ” ਕਿਹਾ ਜਾਂਦਾ ਹੈ।
NAATI, AUSIT, ASLITA, NZSTI ਅਤੇ SLIANZ ਨੈਤਿਕ-ਸੰਹਿਤਾ ਦੀ ਸੰਭਾਵਿਤ ਉਲੰਘਣਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਤੁਸੀਂ NAATI ਦੀ ਸ਼ਿਕਾਇਤ ਨੀਤੀ (NAATI’s Complaints Policy) ਪੜ੍ਹ ਕੇ ਇਹ ਜਾਣ ਸਕਦੇ ਹੋ ਕਿ NAATI ਕਿਸ ਤਰ੍ਹਾਂ ਦੀਆਂ ਰਿਪੋਰਟ ਕੀਤੀਆਂ ਗਈਆਂ ਉਲੰਘਣਾਵਾਂ ਦੀ ਜਾਂਚ ਕਰੇਗਾ ਅਤੇ ਉਨ੍ਹਾਂ ’ਤੇ ਕਿਵੇਂ ਕਾਰਵਾਈ ਕਰੇਗਾ। ਤੁਸੀਂ ਸ਼ਿਕਾਇਤ ਸਿੱਧੇ ਤੌਰ ’ਤੇ ਉਸ ਅਨੁਵਾਦਕ ਜਾਂ ਦੁਭਾਸ਼ੀਏ ਨੂੰ, ਉਨ੍ਹਾਂ ਦੇ ਰੁਜ਼ਗਾਰਦਾਤਾ ਨੂੰ, ਜਾਂ ਉਨ੍ਹਾਂ ਦੀ ਪੇਸ਼ੇਵਰ ਸੰਸਥਾ ਨੂੰ ਵੀ ਕਰ ਸਕਦੇ ਹੋ ਜੇਕਰ ਉਹ ਉਸਦੇ ਮੈਂਬਰ ਹਨ (AUSIT, ASLIA, NZSTI ਜਾਂ SLIANZ)।