ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਅਨੁਵਾਦਕ ਜਾਂ ਦੁਭਾਸ਼ੀਆ: ਮੈਨੂੰ ਕਿਸ ਦੀ ਲੋੜ ਹੈ?

ਸ਼੍ਰੇਣੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਨਾਲ ਕੰਮ ਕਰਨਾ ਪ੍ਰਕਾਸ਼ਿਤ ਹੋਈ 15 ਜਨਵਰੀ 2026


ਜੇਕਰ ਤੁਹਾਨੂੰ ਕਿਸੇ ਹੋਰ ਭਾਸ਼ਾ ਵਿੱਚ ਸੰਚਾਰ ਕਰਨ ਲਈ ਮਦਦ ਦੀ ਲੋੜ ਹੈ, ਤਾਂ ਤੁਹਾਨੂੰ ਅਨੁਵਾਦਕ ਜਾਂ ਦੁਭਾਸ਼ੀਏ ਨਾਲ ਕੰਮ ਕਰਨ ਦੀ ਲੋੜ ਪੈ ਸਕਦੀ ਹੈ।

ਮੈਂ ਇਹ ਫ਼ੈਸਲਾ ਕਿਵੇਂ ਕਰਾਂ ਕਿ ਮੈਨੂੰ ਕਿਸ ਦੀ ਲੋੜ ਹੈ?

ਜੇਕਰ ਇਹ ਸਮੱਗਰੀ ਲਿਖੀ ਹੋਈ ਹੈ, ਤਾਂ ਤੁਹਾਨੂੰ ਅਨੁਵਾਦਕ (translator) ਦੀ ਲੋੜ ਹੁੰਦੀ ਹੈ। ਜੇਕਰ ਇਹ ਬੋਲਿਆ ਗਿਆ ਜਾਂ ਸੰਕੇਤਕ ਭਾਸ਼ਾ ਵਿੱਚ ਹੈ, ਤਾਂ ਤੁਹਾਨੂੰ ਦੁਭਾਸ਼ੀਏ (interpreter) ਦੀ ਲੋੜ ਹੁੰਦੀ ਹੈ।
ਇਸ ਬਾਰੇ ਸੋਚੋ ਕਿ ਤੁਸੀਂ ਦਸਤਾਵੇਜ਼ ਸਾਂਝੇ ਕਰ ਰਹੇ ਹੋ ਜਾਂ ਗੱਲਬਾਤ ਕਰ ਰਹੇ ਹੋ।

ਇੱਕ ਅਨੁਵਾਦਕ ਕੀ ਕਰਦਾ ਹੈ?

ਅਨੁਵਾਦਕ ਲਿਖਤੀ ਭਾਸ਼ਾ ਨਾਲ ਕੰਮ ਕਰਦਾ ਹੈ। ਉਨ੍ਹਾਂ ਦਾ ਕੰਮ ਇੱਕ ਭਾਸ਼ਾ ਵਿੱਚ ਲਿਖੀ ਹੋਈ ਸਮੱਗਰੀ ਨੂੰ ਦੂਜੀ ਭਾਸ਼ਾ ਵਿੱਚ ਸਹੀ ਅਤੇ ਸੱਭਿਆਚਾਰਕ ਤੌਰ ‘ਤੇ ਢੁੱਕਵੇਂ ਰੂਪ ਵਿੱਚ ਤਿਆਰ ਕਰਨਾ ਹੁੰਦਾ ਹੈ।

ਹੇਠਾਂ ਕੁੱਝ ਆਮ ਉਦਾਹਰਨਾਂ ਦਿੱਤੀਆਂ ਗਈਆਂ ਹਨ ਕਿ ਅਨੁਵਾਦਕ ਕੀ-ਕੀ ਅਨੁਵਾਦ ਕਰਦੇ ਹਨ:

  • ਜਨਮ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਅਤੇ ਹੋਰ ਪਛਾਣ ਦਸਤਾਵੇਜ਼
  • ਕਾਨੂੰਨੀ ਇਕਰਾਰਨਾਮੇ ਅਤੇ ਵਿੱਤੀ ਸਟੇਟਮੈਂਟਾਂ
  • ਡਾਕਟਰੀ ਰਿਪੋਰਟਾਂ
  • ਵੈੱਬਸਾਈਟਾਂ, ਬਰੋਸ਼ਰ ਅਤੇ ਮਾਰਕੀਟਿੰਗ ਸਮੱਗਰੀ
  • ਈਮੇਲ, ਚਿੱਠੀਆਂ ਅਤੇ ਲਿਖਤੀ ਹਦਾਇਤਾਂ
  • ਹਿਦਾਇਤੀ ਮੈਨੁਅਲ (ਨਿਯਮਾਵਲੀਆਂ)

ਅਨੁਵਾਦ ਕਰਨਾ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਸ਼ਬਦਾਂ ਦੀ ਅਦਲਾ-ਬਦਲੀ ਕਰਨਾ ਨਹੀਂ ਹੁੰਦਾ ਹੈ। ਇੱਕ ਚੰਗਾ ਅਨੁਵਾਦਕ ਇਹ ਯਕੀਨੀ ਬਣਾਉਂਦਾ ਹੈ ਕਿ ਅਰਥ ਸਪੱਸ਼ਟ ਅਤੇ ਇਕਸਾਰ ਹੋਵੇ, ਸ਼ਬਦਾਵਲੀ ਸਹੀ ਹੋਵੇ ਅਤੇ ਦਸਤਾਵੇਜ਼ ਦਾ ਲਹਿਜ਼ਾ ਉਦੇਸ਼ ਨਾਲ ਮੇਲ ਖਾਂਦਾ ਹੋਵੇ। ਆਸਟ੍ਰੇਲੀਆ ਵਿੱਚ, ਬਹੁਤ ਸਾਰੀਆਂ ਸੰਸਥਾਵਾਂ, ਜਿਵੇਂ ਕਿ ਸਰਕਾਰੀ ਵਿਭਾਗ, NAATI-ਪ੍ਰਮਾਣਿਤ (NAATI-certified) ਅਨੁਵਾਦਕ ਵੱਲੋਂ ਕੀਤਾ ਗਿਆ ਅਨੁਵਾਦ ਪ੍ਰਦਾਨ ਕਰਨ ਦੀ ਮੰਗ ਕਰਦੀਆਂ ਹਨ। ਇਹ ਗੁਣਵੱਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ।

ਇੱਕ ਦੁਭਾਸ਼ੀਆ ਕੀ ਕਰਦਾ ਹੈ?

ਦੁਭਾਸ਼ੀਆ ਬੋਲੀ ਗਈ ਜਾਂ ਸੰਕੇਤਕ ਭਾਸ਼ਾ ਨਾਲ ਕੰਮ ਕਰਦਾ ਹੈ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਉਸੇ ਸਮੇਂ ਆਪਸ ਵਿੱਚ ਗੱਲਬਾਤ ਕਰਨ ਵਿੱਚ ਮਦਦ ਕਰਦਾ ਹੈ।

ਤੁਹਾਨੂੰ ਹੇਠਾਂ ਦਿੱਤੀਆਂ ਸਥਿਤੀਆਂ ਵਿੱਚ ਦੁਭਾਸ਼ੀਏ ਦੀ ਲੋੜ ਪੈ ਸਕਦੀ ਹੈ:

  • ਮੈਡੀਕਲ ਜਾਂ ਸਿਹਤ ਸੰਬੰਧੀ ਐਪੋਇੰਟਮੈਂਟਾਂ ‘ਤੇ ਜਾਣ ਸਮੇਂ
  • ਸੈਂਟਰਲਿੰਕ, ਪੁਲਿਸ ਜਾਂ ਹੋਰ ਸਰਕਾਰੀ ਸੇਵਾਵਾਂ ਨਾਲ ਗੱਲ ਕਰਦੇ ਸਮੇਂ
  • ਕਾਰੋਬਾਰੀ ਮੀਟਿੰਗਾਂ ਵਿੱਚ ਭਾਗ ਲੈਂਦੇ ਸਮੇਂ
  • ਕਾਨੂੰਨੀ ਕਾਰਵਾਈਆਂ ਵਿੱਚ ਹਿੱਸਾ ਲੈਣ ਸਮੇਂ
  • ਕਾਨਫਰੰਸਾਂ, ਸੈਮੀਨਾਰਾਂ ਜਾਂ ਭਾਈਚਾਰਕ ਸਮਾਗਮਾਂ ਵਿੱਚ ਹਿੱਸਾ ਲੈਂਦੇ ਸਮੇਂ

ਦੁਭਾਸ਼ੀਏ ਇੱਕ ਭਾਸ਼ਾ ਵਿੱਚ ਕਹੀ ਗਈ ਗੱਲ ਸੁਣਦੇ ਹਨ ਅਤੇ ਉਸ ਸੁਨੇਹੇ ਨੂੰ ਦੂਜੀ ਭਾਸ਼ਾ ਵਿੱਚ ਸਹੀ ਅਤੇ ਕੁਦਰਤੀ ਤੌਰ ‘ਤੇ ਪਹੁੰਚਾਉਂਦੇ ਹਨ। ਉਹ ਰੂ-ਬ-ਰੂ ਮੌਜ਼ੂਦ ਹੋ ਕੇ, ਫ਼ੋਨ ‘ਤੇ, ਜਾਂ ਵੀਡੀਓ ਰਾਹੀਂ ਕੰਮ ਕਰ ਸਕਦੇ ਹਨ। ਬਹੁਤ ਸਾਰੀਆਂ ਸਥਿਤੀਆਂ ਵਿੱਚ, ਖ਼ਾਸ ਕਰਕੇ ਸਿਹਤ ਅਤੇ ਕਾਨੂੰਨੀ ਖੇਤਰਾਂ ਵਿੱਚ ਸਹੀ ਦੁਭਾਸ਼ੀਆ ਸੇਵਾ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਜੋ ਲੋਕ ਆਪਣੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਚੋਣਾਂ ਨੂੰ ਠੀਕ ਤਰ੍ਹਾਂ ਸਮਝ ਸਕਣ।

ਜੇਕਰ ਮੈਂ ਲਿਖਤੀ ਅਤੇ ਬੋਲੇ ​​ਗਏ ਸ਼ਬਦਾਂ ਵਿਚਕਾਰ ਕੰਮ ਕਰ ਰਿਹਾ ਹਾਂ ਤਾਂ ਕੀ ਹੋਵੇਗਾ?

ਕਈ ਵਾਰ, ਦੁਭਾਸ਼ੀਏ ਜਾਂ ਅਨੁਵਾਦਕ ਲਿਖਤੀ ਅਤੇ ਮੌਖਿਕ/ਸੰਕੇਤਕ ਭਾਸ਼ਾ ਦੋਹਾਂ ਦੇ ਨਾਲ ਕੰਮ ਕਰ ਸਕਦੇ ਹਨ। ਉਦਾਹਰਨ ਵਜੋਂ:

  • ਦੇਖ ਕੇ ਅਨੁਵਾਦ ਕਰਨਾ (Sight translation): ਦੁਭਾਸ਼ੀਆ ਇੱਕ ਲਿਖਤੀ ਦਸਤਾਵੇਜ਼ (ਜਿਵੇਂ ਹਸਪਤਾਲ ਦਾ ਸਹਿਮਤੀ ਫਾਰਮ) ਪੜ੍ਹਦਾ ਹੈ ਅਤੇ ਇਸਨੂੰ ਉਸੇ ਸਮੇਂ ਵਿੱਚ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ—ਚਾਹੇ ਬੋਲਿਆ ਹੋਵੇ ਜਾਂ ਸੰਕੇਤਕ ਹੋਵੇ
  • ਟ੍ਰਾਂਸਕ੍ਰਿਪਸ਼ਨ (ਪ੍ਰਤੀਲਿਪੀ ਤਿਆਰ ਕਰਨਾ) (transcription): ਇੱਕ ਅਨੁਵਾਦਕ ਰਿਕਾਰਡ ਕੀਤੀ ਗੱਲਬਾਤ ਨੂੰ ਸੁਣਦਾ ਹੈ ਅਤੇ ਉਸਨੂੰ ਦੂਜੀ ਭਾਸ਼ਾ ਵਿੱਚ ਲਿਖਤੀ ਰੂਪ ਵਿੱਚ ਤਿਆਰ ਕਰਦਾ ਹੈ

ਇਸ ਬਾਰੇ ਸੋਚਣ ਦਾ ਇੱਕ ਵਧੀਆ ਤਰੀਕਾ ਇਹ ਹੈ ਕਿ ਅੰਤਿਮ ਨਤੀਜਾ ਕੀ ਹੋਣਾ ਚਾਹੀਦਾ ਹੈ? ਜੇਕਰ ਇਹ ਇੱਕ ਦਸਤਾਵੇਜ਼ ਹੈ, ਤਾਂ ਤੁਹਾਨੂੰ ਇੱਕ ਅਨੁਵਾਦਕ ਦੀ ਲੋੜ ਹੋਵੇਗੀ। ਜੇਕਰ ਇਹ ਭਾਸ਼ਣ, ਗੱਲਬਾਤ ਜਾਂ ਵੀਡੀਓ ਹੈ, ਤਾਂ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੋਵੇਗੀ।

ਮੈਨੂੰ ਯੋਗਤਾ ਪ੍ਰਾਪਤ ਪੇਸ਼ੇਵਰ ਕਿੱਥੋਂ ਮਿਲ ਸਕਦੇ ਹਨ?

ਭਾਵੇਂ ਤੁਹਾਨੂੰ ਦੁਭਾਸ਼ੀਆ ਦੀ ਲੋੜ ਹੋਵੇ ਜਾਂ ਅਨੁਵਾਦਕ ਦੀ, ਸਭ ਤੋਂ ਵਧੀਆ ਹੈ ਕਿ ਤੁਸੀਂ NAATI-ਪ੍ਰਮਾਣਿਤ (NAATI-certified) ਵਿਅਕਤੀ ਦੀ ਚੋਣ ਕਰੋ। NAATI ਕੋਲ ਅਨੁਵਾਦਕਾਂ ਅਤੇ ਦੁਭਾਸ਼ੀਆਂ ਦੋਵਾਂ ਲਈ ਵੱਖ-ਵੱਖ ਪ੍ਰਮਾਣਿਕਤਾਵਾਂ ਹਨ, ਅਤੇ ਅਤੇ ਇਹ ਪ੍ਰਮਾਣੀਕਰਨ (credentials) ਇਹ ਯਕੀਨੀ ਬਣਾਉਂਦਾ ਹੈ ਕਿ ਜਿਸ ਵਿਅਕਤੀ ਦੀ ਤੁਹਾਨੂੰ ਲੋੜ ਹੈ, ਉਸ ਕੋਲ ਜਾਣਕਾਰੀ ਨੂੰ ਸਹੀ, ਸੰਵੇਦਨਸ਼ੀਲ ਅਤੇ ਪੇਸ਼ਾਵਰ ਢੰਗ ਨਾਲ ਦੂਜੀ ਭਾਸ਼ਾ ਵਿੱਚ ਅੱਗੇ ਪਹੁੰਚਾਉਣ ਲਈ ਲੋੜੀਂਦੇ ਹੁਨਰ ਅਤੇ ਸਿਖਲਾਈ ਹੈ।

ਤੁਸੀਂ NAATI ਦੀ ਔਨਲਾਈਨ ਡਾਇਰੈਕਟਰੀ ਵਿੱਚ ਅਨੁਵਾਦਕ ਜਾਂ ਦੁਭਾਸ਼ੀਏ ਨੂੰ ਲੱਭ ਸਕਦੇ ਹੋ (NAATI’s online directory)।

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕ ਫਾਰਮ ਦੀ ਵਰਤੋਂ ਕਰੋ।