ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਦੁਭਾਸ਼ੀਏ ਨਾਲ ਕਿਵੇਂ ਕੰਮ ਕਰਨਾ ਹੈ?

ਸ਼੍ਰੇਣੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਨਾਲ ਕੰਮ ਕਰਨਾ ਪ੍ਰਕਾਸ਼ਿਤ ਹੋਈ 22 ਜਨਵਰੀ 2026


ਦੁਭਾਸ਼ੀਏ (Interpreter) ਨਾਲ ਕੰਮ ਕਰਨ ਨਾਲ ਤੁਹਾਨੂੰ ਉਹਨਾਂ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨ ਵਿੱਚ ਮਦਦ ਮਿਲਦੀ ਹੈ ਜੋ ਤੁਹਾਡੇ ਨਾਲੋਂ ਵੱਖਰੀ ਭਾਸ਼ਾ ਬੋਲਦੇ ਹਨ। ਦੁਭਾਸ਼ੀਏ ਗੱਲਬਾਤ ਦਾ ਹਿੱਸਾ ਨਹੀਂ ਹੁੰਦੇ ਹਨ; ਉਹ ਉਸ ਗੱਲਬਾਤ ਲਈ ਇੱਕ ਪੁਲ ਹੁੰਦੇ ਹਨ।

NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆ ਇਹ ਕਰੇਗਾ:

  • ਦਿੱਤੀ ਗਈ ਬ੍ਰੀਫਿੰਗ (ਮੁੱਢਲੀ-ਜਾਣਕਾਰੀ) ਦੇ ਆਧਾਰ ‘ਤੇ ਵਿਸ਼ੇ ਦੀ ਖੋਜ ਕਰਕੇ ਉਸ ਅਸਾਈਨਮੈਂਟ ਲਈ ਤਿਆਰੀ ਕਰੇਗਾ
  • ਹਰ ਗੱਲ ਦਾ ਸਹੀ ਅਤੇ ਨਿਰਪੱਖ ਅਨੁਵਾਦ ਕਰੇਗਾ
  • ਗੱਲਬਾਤ ਵਿੱਚ ਨਾ ਹੀ ਕੋਈ ਜਾਣਕਾਰੀ ਆਪਣੇ ਵੱਲੋਂ ਜੋੜੇਗਾ, ਨਾ ਛੱਡੇਗਾ ਅਤੇ ਨਾ ਹੀ ਬਦਲੇਗਾ, ਅਤੇ ਆਪਣੇ ਵੱਲੋਂ ਕੋਈ ਰਾਏ, ਸਲਾਹ ਜਾਂ ਸਪੱਸ਼ਟੀਕਰਨ ਨਹੀਂ ਦੇਵੇਗਾ
  • ਸਹੀ ਅਨੁਵਾਦ ਯਕੀਨੀ ਬਣਾਉਣ ਲਈ ਜ਼ਰੂਰਤ ਪੈਣ ‘ਤੇ ਸਪੱਸ਼ਟੀਕਰਨ ਜਾਂ ਗੱਲ ਨੂੰ ਦੁਹਰਾਏ ਜਾਣ ਦੀ ਬੇਨਤੀ ਕਰੇਗਾ
  • ਉਨ੍ਹਾਂ ਸਥਿਤੀਆਂ ਨੂੰ ਸੰਭਾਲੇਗਾ ਜਦੋਂ ਲੋਕ ਇੱਕ-ਦੂਜੇ ਦੀ ਗੱਲ ਕੱਟ ਕੇ ਇਕੱਠੇ ਬੋਲਦੇ ਹਨ
  • ਅਸਾਈਨਮੈਂਟ ਨਾਲ ਸੰਬੰਧਿਤ ਸਾਰੀ ਜਾਣਕਾਰੀ ਗੁਪਤ ਰੱਖੇਗਾ, ਜਿਸ ਵਿੱਚ ਸੈਸ਼ਨ ਦੌਰਾਨ ਚਰਚਾ ਕੀਤੀ ਗਈ ਹਰ ਗੱਲ ਸ਼ਾਮਲ ਹੈ।

ਉਹਨਾਂ ਨਾਲ ਸਤਿਕਾਰ ਨਾਲ ਪੇਸ਼ ਆਓ ਅਤੇ ਹੇਠਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਹਰ ਕਿਸੇ ਲਈ ਇੱਕ ਪੇਸ਼ੇਵਰ ਅਨੁਭਵ ਯਕੀਨੀ ਬਣਾਇਆ ਜਾ ਸਕੇ।

ਸੈਸ਼ਨ ਤੋਂ ਪਹਿਲਾਂ

ਦੁਭਾਸ਼ੀਏ ਵੱਲੋਂ ਅਨੁਵਾਦ ਕੀਤੇ ਜਾਣ ਦਾ ਸਹੀ ਤਰੀਕਾ ਅਤੇ ਸਥਾਨ ਚੁਣੋ

ਦੁਭਾਸ਼ੀਏ ਨੂੰ ਬੁੱਕ ਕਰਦੇ ਸਮੇਂ, ਇਹ ਪੁਸ਼ਟੀ ਕਰੋ ਕਿ ਦੁਭਾਸ਼ੀਏ ਵੱਲੋਂ ਅਨੁਵਾਦ ਕੀਤੇ ਜਾਣ ਦਾ ਕਿਹੜਾ ਤਰੀਕਾ ਵਰਤਿਆ ਜਾਵੇਗਾ ਅਤੇ ਤੁਸੀਂ ਦੁਭਾਸ਼ੀਏ ਤੋਂ ਕੀ ਉਮੀਦ ਕਰਦੇ ਹੋ ਕਿ ਉਹ ਕਿਵੇਂ ਹਿੱਸਾ ਲੈਣ, ਅਤੇ ਇਹ ਵੀ ਯਕੀਨੀ ਬਣਾਓ ਕਿ ਲੋੜੀਂਦੇ ਉਪਕਰਨ ਮੌਜੂਦ ਹਨ। ਜੇਕਰ ਤੁਹਾਨੂੰ ਇਸ ਬਾਰੇ ਕੁੱਝ ਖ਼ਾਸ ਜਾਣਕਾਰੀ ਨਹੀਂ ਹੈ, ਤਾਂ ਤੁਹਾਡਾ ਭਾਸ਼ਾ ਸੇਵਾ ਪ੍ਰਦਾਤਾ (Language Service Provider) ਜਾਂ ਦੁਭਾਸ਼ੀਆ ਤੁਹਾਨੂੰ ਅਨੁਵਾਦ ਕੀਤੇ ਜਾਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸਲਾਹ ਦੇ ਸਕਦਾ ਹੈ।

ਦੁਭਾਸ਼ੀਏ ਵੱਲੋਂ ਅਨੁਵਾਦ ਕੀਤੇ ਜਾਣ ਦਾ ਤਰੀਕਾ

ਦੁਭਾਸ਼ੀਏ ਵੱਲੋਂ ਵਾਰੋਂ-ਵਾਰੀ ਅਨੁਵਾਦ ਕੀਤਾ ਜਾਣਾ (Consecutive interpreting): ਇਸ ਤਰੀਕੇ ਵਿੱਚ ਦੁਭਾਸ਼ੀਆ ਬੋਲ ਰਹੇ ਵਿਅਕਤੀ ਦੇ ਰੁਕਣ ਤੋਂ ਬਾਅਦ ਕਹੀ ਗਈ ਗੱਲ ਦਾ ਅਨੁਵਾਦ ਕਰਦਾ ਹੈ। ਇਹ ਤਰੀਕਾ ਆਮ ਤੌਰ ‘ਤੇ ਐਪੋਇੰਟਮੈਂਟਾਂ ਜਾਂ ਛੋਟੀਆਂ ਮੀਟਿੰਗਾਂ ਵਿੱਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦਾ ਸੈਸ਼ਨ ਇੱਕ ਭਾਸ਼ਾ ਵਿੱਚ ਹੋਣ ਵਾਲੀ ਗੱਲਬਾਤ ਨਾਲੋਂ ਲਗਭਗ ਦੁੱਗਣਾ ਸਮਾਂ ਲਵੇਗਾ, ਇਸ ਲਈ ਆਪਣੀ ਸਮਾਂ-ਸਾਰਣੀ ਵਿੱਚ ਵਾਧੂ ਸਮਾਂ ਰੱਖੋ।

ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋਂ-ਨਾਲ ਅਨੁਵਾਦ ਕੀਤਾ ਜਾਣਾ (Simultaneous interpreting): ਇਸ ਤਰੀਕੇ ਵਿੱਚ ਦੁਭਾਸ਼ੀਆ ਉਸੇ ਸਮੇਂ, ਬੋਲਣ ਵਾਲੇ ਦੇ ਨਾਲ-ਨਾਲ ਅਨੁਵਾਦ ਕਰਦਾ ਹੈ, ਆਮ ਤੌਰ ‘ਤੇ ਇਸ ਲਈ ਹੈੱਡਸੈੱਟ ਜਾਂ ਦੁਭਾਸ਼ੀਏ ਦੇ ਬੂਥ ਵਰਗੇ ਵਿਸ਼ੇਸ਼ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤਰੀਕਾ ਵੱਡੀਆਂ ਮੀਟਿੰਗਾਂ, ਕਾਨਫਰੰਸਾਂ ਜਾਂ ਸਮੂਹਿਕ ਚਰਚਾਵਾਂ ਲਈ ਸਭ ਤੋਂ ਵਧੀਆ ਹੁੰਦਾ ਹੈ, ਜਿੱਥੇ ਗੱਲਬਾਤ ਦਾ ਪ੍ਰਵਾਹ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਕਿਉਂਕਿ ਇਹ ਮਾਨਸਿਕ ਤੌਰ ‘ਤੇ ਥਕਾਉਣ ਵਾਲਾ ਕੰਮ ਹੁੰਦਾ ਹੈ, ਇਸ ਲਈ ਅਨੁਵਾਦ ਦੀ ਸ਼ੁੱਧਤਾ ਬਣਾਈ ਰੱਖਣ ਅਤੇ ਥਕਾਵਟ ਤੋਂ ਬਚਣ ਲਈ ਘੱਟੋ-ਘੱਟ ਦੋ ਦੁਭਾਸ਼ੀਏ ਹੋਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜੋ ਵਾਰੀ-ਵਾਰੀ ਅਨੁਵਾਦ ਕਰ ਸਕਣ।

ਦੁਭਾਸ਼ੀਏ ਦੇ ਅਨੁਵਾਦ ਸੇਵਾ ਪ੍ਰਦਾਨ ਕਰਨ ਦੇ ਤਰੀਕੇ

ਰੂ-ਬ-ਰੂ (ਉਸੇ ਸਥਾਨ ‘ਤੇ ਜਾਂ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋ ਕੇ): ਰੂ-ਬ-ਰੂ ਹੋ ਕੇ ਪ੍ਰਦਾਨ ਕੀਤੀ ਜਾਣ ਵਾਲੀ ਅਨੁਵਾਦ ਸੇਵਾ ਗੁੰਝਲਦਾਰ ਸਥਿਤੀਆਂ ਲਈ ਸਭ ਤੋਂ ਵਧੀਆ ਹੁੰਦੀ ਹੈ, ਕਿਉਂਕਿ ਇਸ ਨਾਲ ਸਰੀਰਕ ਭਾਸ਼ਾ ਵਰਗੇ ਗ਼ੈਰ-ਮੌਖਿਕ ਸੰਕੇਤ ਸਮਝਣ ਵਿੱਚ ਮਦਦ ਮਿਲਦੀ ਹੈ। ਇਸਦਾ ਮਤਲਬ ਹੈ ਕਿ ਦੁਭਾਸ਼ੀਆ ਤੁਹਾਡੇ ਨਾਲ ਉਸੇ ਕਮਰੇ ਵਿੱਚ ਮੌਜੂਦ ਹੋਵੇਗਾ। ਹਾਲਾਂਕਿ, ਦਿਹਾਤੀ ਜਾਂ ਖੇਤਰੀ ਇਲਾਕਿਆਂ ਵਿੱਚ ਅਤੇ ਕੁੱਝ ਭਾਸ਼ਾਵਾਂ ਲਈ ਇਸਦੀ ਉਪਲਬਧਤਾ ਸੀਮਤ ਹੋ ਸਕਦੀ ਹੈ।

ਵੀਡੀਓ: ਵੀਡੀਓ ਰਾਹੀਂ ਪ੍ਰਦਾਨ ਕੀਤੀ ਜਾਣ ਵਾਲੀ ਦੁਭਾਸ਼ੀਆ ਸੇਵਾ ਰੂ-ਬ-ਰੂ ਹੋ ਕੇ ਪ੍ਰਦਾਨ ਕੀਤੀ ਜਾਣ ਵਾਲੀ ਅਨੁਵਾਦ ਸੇਵਾ ਤੋਂ ਬਾਅਦ ਦੂਜਾ ਸਭ ਤੋਂ ਵਧੀਆ ਤਰੀਕਾ ਹੁੰਦੀ ਹੈ, ਕਿਉਂਕਿ ਇਸ ਵਿੱਚ ਹਾਲੇ ਵੀ ਹਿੱਸਾ ਲੈਣ ਵਾਲਿਆਂ ਦੇ ਗ਼ੈਰ-ਮੌਖਿਕ ਸੰਕੇਤ ਵੇਖੇ ਜਾ ਸਕਦੇ ਹਨ। ਵੀਡੀਓ ਰਾਹੀਂ ਪ੍ਰਦਾਨ ਕੀਤੀ ਜਾਣ ਵਾਲੀ ਦੁਭਾਸ਼ੀਆ ਸੇਵਾ ਉਦੋਂ ਲਾਭਦਾਇਕ ਹੁੰਦੀ ਹੈ ਜਦੋਂ ਰੂ-ਬ-ਰੂ ਹੋ ਕੇ ਪ੍ਰਦਾਨ ਕੀਤੀ ਜਾਣ ਵਾਲੀ ਅਨੁਵਾਦ ਸੇਵਾ ਲਈ ਦੁਭਾਸ਼ੀਏ ਉਪਲਬਧ ਨਾ ਹੋਣ, ਖ਼ਾਸ ਕਰਕੇ ਘੱਟ ਸਮੇਂ ਦੀ ਸੂਚਨਾ ਵਾਲੀਆਂ ਬੁਕਿੰਗਾਂ ਜਾਂ ਔਖੀਆਂ ਮਿਲਣ ਵਾਲੀਆਂ ਭਾਸ਼ਾਵਾਂ ਲਈ। ਵੀਡੀਓ ਰਾਹੀਂ ਪ੍ਰਦਾਨ ਕੀਤੀ ਜਾਣ ਵਾਲੀ ਦੁਭਾਸ਼ੀਆ ਸੇਵਾ, ਔਸਲਾਨ ਅਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੋਵਾਂ ਲਈ ਢੁੱਕਵੀਂ ਹੈ, ਪਰ ਇਸ ਲਈ ਭਰੋਸੇਯੋਗ ਇੰਟਰਨੈੱਟ ਅਤੇ ਸਹੀ ਉਪਕਰਨਾਂ ਦੀ ਲੋੜ ਹੁੰਦੀ ਹੈ।

ਟੈਲੀਫ਼ੋਨ: ਟੈਲੀਫ਼ੋਨ ਰਾਹੀਂ ਪ੍ਰਦਾਨ ਕੀਤੀ ਜਾਣ ਵਾਲੀ ਦੁਭਾਸ਼ੀਆ ਸੇਵਾ ਸਭ ਤੋਂ ਆਸਾਨੀ ਨਾਲ ਉਪਲਬਧ ਹੋਣ ਵਾਲਾ ਤਰੀਕਾ ਹੈ। ਇਹ ਛੋਟੀ ਅਤੇ ਗੁੰਝਲਦਾਰ ਨਾ ਹੋਣ ਵਾਲੀ ਗੱਲਬਾਤ ਲਈ ਸਭ ਤੋਂ ਵਧੀਆ ਹੁੰਦੀ ਹੈ।

ਸਹੀ ਦੁਭਾਸ਼ੀਆ ਚੁਣੋ

  • ਯਕੀਨੀ ਬਣਾਓ ਕਿ ਦੁਭਾਸ਼ੀਆ NAATI-ਪ੍ਰਮਾਣਿਤ (NAATI-certified) ਹੈ। ਤੁਸੀਂ ਉਹਨਾਂ ਦੇ ਪ੍ਰਮਾਣਿਤ ਪੇਸ਼ੇਵਰ ਨੰਬਰ (Certified Practitioner Number – CPN) ਦੀ ਵਰਤੋਂ ਕਰਕੇ ਉਹਨਾਂ ਦੇ NAATI ਪ੍ਰਮਾਣੀਕਰਨ ਦੀ ਜਾਂਚ ਕਰ ਸਕਦੇ ਹੋ।
  • ਪਰਿਵਾਰ ਜਾਂ ਦੋਸਤਾਂ ਨੂੰ ਦੁਭਾਸ਼ੀਏ ਵਜੋਂ ਨਾ ਵਰਤੋ, ਭਾਵੇਂ ਕਿ ਇਹ ਸੁਵਿਧਾਜਨਕ ਲੱਗਦਾ ਹੈ। ਉਹਨਾਂ ਵਿੱਚ ਨਿਰਪੱਖਤਾ, ਸਿਖਲਾਈ ਜਾਂ ਭਾਸ਼ਾਈ ਹੁਨਰਾਂ ਦੀ ਘਾਟ ਹੋ ਸਕਦੀ ਹੈ। ਇਸ ਨਾਲ ਅਨੁਵਾਦ ਦੀ ਗੁਪਤਤਾ, ਸ਼ੁੱਧਤਾ ਅਤੇ ਪੇਸ਼ੇਵਰਤਾ ਨੂੰ ਖ਼ਤਰਾ ਹੋ ਸਕਦਾ ਹੈ।
  • ਇਹ ਪੁਸ਼ਟੀ ਕਰੋ ਕਿ ਦੁਭਾਸ਼ੀਆ ਅਸਾਈਨਮੈਂਟ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਕੀ ਤੁਹਾਨੂੰ ਕਿਸੇ ਖ਼ਾਸ ਲਿੰਗ ਪਛਾਣ ਵਾਲਾ ਦੁਭਾਸ਼ੀਆ ਚਾਹੀਦਾ ਹੈ? ਕੀ ਉਸ ਕੋਲ ਕਿਸੇ ਖ਼ਾਸ ਖੇਤਰ ਜਿਵੇਂ ਸਿਹਤ ਜਾਂ ਕਾਨੂੰਨੀ ਮਾਮਲਿਆਂ ਦੀ ਮੁਹਾਰਤ ਹੋਣੀ ਲਾਜ਼ਮੀ ਹੈ?

ਦੁਭਾਸ਼ੀਏ ਨੂੰ ਬ੍ਰੀਫਿੰਗ (ਮੁੱਢਲੀ-ਜਾਣਕਾਰੀ) ਦਿਓ

ਜਦੋਂ ਵੀ ਸੰਭਵ ਹੋਵੇ, ਅਸਾਈਨਮੈਂਟ ਤੋਂ ਪਹਿਲਾਂ ਦੁਭਾਸ਼ੀਏ ਨੂੰ ਉਸ ਬਾਰੇ ਬ੍ਰੀਫ਼ਿੰਗ ਦਿਓ। ਬ੍ਰੀਫ਼ਿੰਗ ਦੌਰਾਨ ਤੁਸੀਂ ਉਸ ਮੀਟਿੰਗ ਦਾ ਉਦੇਸ਼, ਕੌਣ-ਕੌਣ ਮੌਜੂਦ ਹੋਵੇਗਾ ਅਤੇ ਉਹ ਮੁੱਖ ਜਾਣਕਾਰੀਆਂ ਸਾਂਝੀਆਂ ਕਰਦੇ ਹੋ ਜੋ ਦੁਭਾਸ਼ੀਏ ਨੂੰ ਪਤਾ ਹੋਣਾ ਜ਼ਰੂਰੀ ਹਨ। ਅਸਾਈਨਮੈਂਟ ਤੋਂ ਪਹਿਲਾਂ ਦੁਭਾਸ਼ੀਏ ਨਾਲ ਥੋੜ੍ਹੀ ਜਿਹੀ ਗੱਲਬਾਤ ਦਾ ਮਤਲਬ ਅਨੁਵਾਦ ਦੌਰਾਨ ਘੱਟ ਰੁਕਾਵਟਾਂ ਹੋਣਾ ਅਤੇ ਗੱਲਬਾਤ ਨੂੰ ਹੋਰ ਸੁਚੱਜਾ ਬਣਾ ਸਕਦਾ ਹੈ।

ਬ੍ਰੀਫ਼ਿੰਗ ਵਿੱਚ ਹੇਠਾਂ ਦਿੱਤੀਆਂ ਗੱਲਾਂ ਸ਼ਾਮਲ ਹੋ ਸਕਦੀਆਂ ਹਨ:

  • ਅਨੁਵਾਦ ਦੇ ਵਿਸ਼ੇ, ਟੀਚਿਆਂ ਅਤੇ ਭਾਗ ਲੈਣ ਵਾਲਿਆਂ ਦੇ ਪਿਛੋਕੜ ਬਾਰੇ ਜਾਣਕਾਰੀ ਦੇਣਾ।
  • ਕਿਸੇ ਵੀ ਤਕਨੀਕੀ ਭਾਸ਼ਾ, ਖੇਤਰ-ਮਾਹਰ ਸ਼ਬਦਾਵਲੀ ਜਾਂ ਖ਼ਾਸ ਪੇਸ਼ੇਵਰ ਸ਼ਬਦਾਵਲੀ ਬਾਰੇ ਜਾਣਕਾਰੀ ਦੇਣਾ, ਤਾਂ ਜੋ ਦੁਭਾਸ਼ੀਆ ਸਹੀ ਅਨੁਵਾਦ ਕਰਨ ਲਈ ਤਿਆਰੀ ਕਰ ਸਕੇ।
  • ਦੁਭਾਸ਼ੀਏ ਨੂੰ ਪਹਿਲਾਂ ਹੀ ਦੱਸਣਾ ਕਿ ਕੀ ਮੀਟਿੰਗ ਭਾਵਨਾਤਮਕ, ਤਕਨੀਕੀ ਜਾਂ ਸੰਵੇਦਨਸ਼ੀਲ ਹੋਵੇਗੀ।

ਜੇਕਰ ਅਸਾਈਨਮੈਂਟ ਗੁੰਝਲਦਾਰ ਹੈ, ਤਾਂ ਦੁਭਾਸ਼ੀਏ ਨੂੰ ਤਿਆਰੀ ਕਰਨ ਅਤੇ ਜੇਕਰ ਸੰਭਵ ਹੋਵੇ ਤਾਂ ਖੋਜ ਕਰਨ ਲਈ ਢੁੱਕਵਾਂ ਸਮਾਂ ਦਿਓ। ਇਹ ਤਿਆਰੀ ਸਹੀ ਅਨੁਵਾਦ ਕੀਤੇ ਜਾਣ ਨੂੰ ਯਕੀਨੀ ਬਣਾਉਂਦੀ ਹੈ ਅਤੇ ਸੈਸ਼ਨ ਦੌਰਾਨ ਦੁਭਾਸ਼ੀਏ ‘ਤੇ ਕੰਮ ਦਾ ਬੋਝ ਘਟਾਉਂਦੀ ਹੈ।

ਮੀਟਿੰਗ ਲਈ ਲਾਜ਼ਮੀ ਬੰਦੋਬਸਤ (ਲੌਜਿਸਟਿਕਸ) ਦੀ ਯੋਜਨਾ ਬਣਾਓ

ਰੂ-ਬ-ਰੂ ਹੋ ਕੇ ਪ੍ਰਦਾਨ ਕੀਤੀ ਜਾਣ ਵਾਲੀ ਅਨੁਵਾਦ ਸੇਵਾ (Face-to-face interpreting) ਲਈ ਤੁਹਾਨੂੰ, ਦੁਭਾਸ਼ੀਏ ਅਤੇ ਗਾਹਕ ਦਾ ਇੱਕੋ ਥਾਂ ‘ਤੇ ਮੌਜੂਦ ਹੋਣਾ ਜ਼ਰੂਰੀ ਹੁੰਦਾ ਹੈ। ਬੈਠਣ ਦਾ ਪ੍ਰਬੰਧ ਇਸ ਤਰ੍ਹਾਂ ਕਰੋ ਤਾਂ ਜੋ ਮਰੀਜ਼, ਦੁਭਾਸ਼ੀਆ ਅਤੇ ਡਾਕਟਰ ਇੱਕ ਤਿਕੋਣ ਦੇ ਰੂਪ ਵਿੱਚ ਬੈਠੇ ਹੋਣ। ਇਸ ਨਾਲ ਸਪੱਸ਼ਟ ਗੱਲਬਾਤ ਹੁੰਦੀ ਹੈ ਅਤੇ ਹਰ ਕੋਈ ਗੱਲਬਾਤ ਵਿੱਚ ਸ਼ਾਮਲ ਰਹਿੰਦਾ ਹੈ।

ਔਸਲਾਨ ਅਨੁਵਾਦ ਸੇਵਾ: ਇਸ ਲਈ ਦੁਭਾਸ਼ੀਏ ਨੂੰ ਸਿਹਤ ਸੰਭਾਲ ਪੇਸ਼ੇਵਰ ਦੇ ਨਾਲ ਅਤੇ ਮਰੀਜ਼ ਦੇ ਸਾਹਮਣੇ ਬੈਠਣਾ ਜਾਂ ਖੜ੍ਹਾ ਹੋਣਾ ਚਾਹੀਦਾ ਹੈ। ਇਸ ਨਾਲ ਕੰਨੋਂ ਬਿਹਰਾ ਮਰੀਜ਼ ਬੋਲਣ ਵਾਲੇ ਵਿਅਕਤੀ ਨਾਲ ਅੱਖਾਂ ਦਾ ਸੰਪਰਕ ਬਣਾਈ ਰੱਖਣ ਅਤੇ ਸਰੀਰ ਦੀ ਭਾਸ਼ਾ ਨੂੰ ਵੇਖ ਸਕਦਾ ਹੈ। ਲੰਬੇ ਸੈਸ਼ਨਾਂ ਲਈ, ਦੋ ਦੁਭਾਸ਼ੀਏ ਬਦਲ ਕੇ ਵਾਰੀ-ਵਾਰੀ ਕੰਮ ਕਰ ਸਕਦੇ ਹਨ।

ਟੈਲੀਫ਼ੋਨ ਅਤੇ ਵੀਡੀਓ ਕਾਨਫਰੰਸਿੰਗ ਲਚਕੀਲਾਪਨ ਪ੍ਰਦਾਨ ਕਰਦੀਆਂ ਹਨ—ਦੁਭਾਸ਼ੀਆ ਜਾਂ ਗਾਹਕ ਤੁਹਾਡੇ ਨਾਲ ਇੱਕੋ ਥਾਂ ‘ਤੇ ਮੌਜੂਦ ਹੋ ਸਕਦੇ ਹਨ, ਜਾਂ ਹਰੇਕ ਵਿਅਕਤੀ ਵੱਖ-ਵੱਖ ਜਗ੍ਹਾ ‘ਤੇ ਹੋ ਸਕਦਾ ਹੈ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤਕਨਾਲੋਜੀ ਠੀਕ ਤਰ੍ਹਾਂ ਕੰਮ ਕਰ ਰਹੀ ਹੈ।

ਦੁਭਾਸ਼ੀਆ ਸੇਵਾ ਲਈ ਵਾਧੂ ਸਮਾਂ ਰੱਖਣਾ ਯਾਦ ਰੱਖੋ। ਗੱਲਬਾਤ ਇੱਕ ਭਾਸ਼ਾ ਵਿੱਚ ਹੋਣ ਨਾਲੋਂ ਵੱਧ ਸਮਾਂ ਲਵੇਗੀ।

ਸੈਸ਼ਨ ਦੇ ਦੌਰਾਨ

ਕੀ ਕਰਨਾ ਹੈ?

  • ਇਹ ਯਕੀਨੀ ਬਣਾਓ ਕਿ ਦੁਭਾਸ਼ੀਏ ਅਤੇ ਉਸ ਦੀ ਭੂਮਿਕਾ ਦੀ ਜਾਣ-ਪਛਾਣ ਕਰਵਾਈ ਜਾਵੇ। ਤੁਸੀਂ ਇੱਕ ਸਧਾਰਨ ਵਾਕ ਨਾਲ ਸ਼ੁਰੂ ਕਰ ਸਕਦੇ ਹੋ, ਜਿਵੇਂ ਕਿ: “ਇਹ ਸਾਡਾ ਦੁਭਾਸ਼ੀਆ ਹੈ, ਜੋ ਅੱਜ ਸਾਨੂੰ ਆਪਸ ਵਿੱਚ ਗੱਲਬਾਤ ਕਰਨ ਵਿੱਚ ਮਦਦ ਕਰੇਗਾ। ਅਸੀਂ ਜੋ ਕੁੱਝ ਵੀ ਕਹਾਂਗੇ, ਉਸਦਾ ਸਹੀ ਅਨੁਵਾਦ ਕੀਤਾ ਜਾਵੇਗਾ ਅਤੇ ਗੁਪਤ ਰੱਖਿਆ ਜਾਵੇਗਾ।” ਹਿੱਸਾ ਲੈਣ ਵਾਲਿਆਂ ਨੂੰ ਯਾਦ ਦਿਵਾਓ ਕਿ ਦੁਭਾਸ਼ੀਆ ਗੱਲਬਾਤ ਨੂੰ ਸਹਿਜ-ਸੁਭਾਅ ਬਣਾਈ ਰੱਖਣ ਲਈ ਪਹਿਲੇ ਨਾਂਵ ਵਿੱਚ (ਭਾਵ “ਮੈਂ”, “ਅਸੀਂ”) ਵਿੱਚ ਗੱਲ ਕਰੇਗਾ।
  • ਸਿੱਧੇ ਦੂਜੇ ਵਿਅਕਤੀ ਨਾਲ ਗੱਲ ਕਰੋ, ਦੁਭਾਸ਼ੀਏ ਨਾਲ ਨਹੀਂ। “ਅੱਜ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?” ਕਹੋ, ਨਾ ਕਿ “ਉਸਨੂੰ ਪੁੱਛੋ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ।” ਦੂਜੇ ਵਿਅਕਤੀ ਨਾਲ ਅੱਖਾਂ ਦਾ ਸੰਪਰਕ ਬਣਾਈ ਰੱਖੋ ਜਦੋਂ ਤੱਕ ਅਜਿਹਾ ਕਰਨਾ ਸੱਭਿਆਚਾਰਕ ਤੌਰ ‘ਤੇ ਅਣਉਚਿਤ ਨਾ ਹੋਵੇ।
  • ਸਪੱਸ਼ਟ ਅਤੇ ਸਰਲ ਭਾਸ਼ਾ ਦੀ ਵਰਤੋਂ ਕਰੋ। ਬੋਲ-ਕੁਬੋਲ ਵਾਲੀ ਬੋਲੀ, ਪੇਸ਼ੇਵਰ ਸ਼ਬਦਾਵਲੀ, ਸੰਖੇਪ ਸ਼ਬਦਾਂ ਜਾਂ ਗੁੰਝਲਦਾਰ ਤੁਲਨਾਵਾਂ ਕਰਨ ਤੋਂ ਗੁਰੇਜ਼ ਕਰੋ। ਦੁਭਾਸ਼ੀਏ ਨੂੰ ਅਨੁਵਾਦ ਕਰਨ ਲਈ ਸਮਾਂ ਦੇਣ ਵਾਸਤੇ ਨਿਯਮਿਤ ਤੌਰ ‘ਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਰੁਕੋ।
  • ਅਗਲੀ ਗੱਲ ਕਹਿਣ ਤੋਂ ਪਹਿਲਾਂ ਦੁਭਾਸ਼ੀਏ ਨੂੰ ਆਪਣੀ ਗੱਲ ਪੂਰੀ ਕਰਨ ਦਿਓ। ਇਹ ਅਨੁਵਾਦ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਬਹੁਤ ਜ਼ਿਆਦਾ ਜਾਣਕਾਰੀ ਨੂੰ ਇਕੱਠੀ ਹੋਣ ਤੋਂ ਰੋਕਦਾ ਹੈ।
  • ਸਬਰ ਰੱਖੋ। ਕੁੱਝ ਭਾਸ਼ਾਵਾਂ ਵਿੱਚ ਇੱਕੋ ਅਰਥ ਦੱਸਣ ਲਈ ਵੱਧ ਜਾਂ ਘੱਟ ਸ਼ਬਦਾਂ ਦੀ ਲੋੜ ਹੋ ਸਕਦੀ ਹੈ। ਅਨੁਵਾਦ ਕਰਦੇ ਹੋਣ ਦੌਰਾਨ ਕੁੱਝ ਸਮੇਂ ਚੁੱਪ ਰਹਿਣਾ ਆਮ ਗੱਲ ਹੈ।
  • ਲੋੜ ਪੈਣ ‘ਤੇ ਸਪੱਸ਼ਟੀਕਰਨ ਮੰਗੋ। ਜੇਕਰ ਕੋਈ ਗੱਲ ਅਸਪੱਸ਼ਟ ਲੱਗਦੀ ਹੈ, ਤਾਂ ਦੁਭਾਸ਼ੀਏ ਨੂੰ ਦੁਹਰਾਉਣ ਜਾਂ ਸਮਝਾਉਣ ਲਈ ਕਹੋ। ਜੇਕਰ ਦੁਭਾਸ਼ੀਏ ਨੂੰ ਸਪੱਸ਼ਟੀਕਰਨ ਦੀ ਲੋੜ ਹੋਵੇ, ਤਾਂ ਉਸਨੂੰ ਬੇਝਿਜਕ ਸਪੱਸ਼ਟੀਕਰਨ ਮੰਗਣ ਲਈ ਪ੍ਰੇਰਿਤ ਕਰੋ। ਜੇਕਰ ਦੁਭਾਸ਼ੀਆ ਸਪੱਸ਼ਟੀਕਰਨ ਮੰਗਦਾ ਹੈ, ਤਾਂ ਉਸਨੂੰ ਕਹੋ ਕਿ ਉਹ ਦੂਜੇ ਵਿਅਕਤੀ ਨੂੰ ਵੀ ਦੱਸੇ ਕਿ ਉਹ ਕੀ ਪੁੱਛ ਰਿਹਾ ਹੈ।

ਕਿਸ ਚੀਜ਼ ਤੋਂ ਬਚਣਾ ਹੈ?

  • ਦੁਭਾਸ਼ੀਏ ਜਾਂ ਦੂਜੇ ਵਿਅਕਤੀ ਦੀ ਗੱਲ ਨੂੰ ਵਿਚਕਾਰ ਨਾ ਟੋਕੋ। ਗੱਲ ਵਿਚਕਾਰ ਟੋਕਣ ਨਾਲ ਉਲਝਣ ਜਾਂ ਗ਼ਲਤ ਸੰਚਾਰ ਹੋ ਸਕਦਾ ਹੈ।
  • ਦੁਭਾਸ਼ੀਏ ਤੋਂ ਰਾਏ ਜਾਂ ਸਲਾਹ ਨਾ ਮੰਗੋ। ਉਨ੍ਹਾਂ ਦੀ ਭੂਮਿਕਾ ਅਨੁਵਾਦ ਕਰਨ ਦੀ ਹੁੰਦੀ ਹੈ, ਨਾ ਕਿ ਵਿਚੋਲਗੀ ਕਰਨ, ਵਕਾਲਤ ਕਰਨ ਜਾਂ ਨਿੱਜੀ ਵਿਚਾਰ ਦੇਣ ਦੀ।
  • ਦੁਭਾਸ਼ੀਏ ਨਾਲ ਕੋਈ ਹੋਰ ਵੱਖਰੀ ਗੱਲਬਾਤ ਨਾ ਕਰੋ। ਦੁਭਾਸ਼ੀਆ ਤੁਹਾਡੀ ਹਰ ਗੱਲ ਦਾ ਅਨੁਵਾਦ ਕਰੇਗਾ, ਇਸ ਲਈ ਕੋਈ ਵੀ ਅਜਿਹੀ ਗੱਲ ਨਾ ਕਹੋ ਜੋ ਤੁਸੀਂ ਦੂਜੀ ਭਾਸ਼ਾ ਵਿੱਚ ਅਨੁਵਾਦ ਨਹੀਂ ਕਰਵਾਉਣਾ ਚਾਹੁੰਦੇ ਹੋ।

ਸੈਸ਼ਨ ਤੋਂ ਬਾਅਦ

  • ਲੋੜ ਪੈਣ ‘ਤੇ ਡੀਬ੍ਰੀਫ਼ (ਸੈਸ਼ਨ ਤੋਂ ਬਾਅਦ ਦੀ ਗੱਲਬਾਤ / ਸਮੀਖਿਆ) ਕਰੋ। ਜੇਕਰ ਕੋਈ ਸਮੱਸਿਆ ਆਈ ਹੋਵੇ ਜਾਂ ਫੀਡਬੈਕ ਦੀ ਲੋੜ ਹੋਵੇ, ਤਾਂ ਦੁਭਾਸ਼ੀਏ ਨਾਲ ਗੱਲ ਕਰੋ। ਸੁਧਾਰ ਲਈ ਸੁਝਾਵਾਂ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰੋ। ਦੁਭਾਸ਼ੀਏ ਕਈ ਪੇਸ਼ੇਵਰਾਂ ਨਾਲ ਕੰਮ ਕਰਦੇ ਹਨ ਅਤੇ ਭਵਿੱਖ ਦੇ ਸੈਸ਼ਨਾਂ ਵਿੱਚ ਗੱਲਬਾਤ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਮਦਦਗਾਰ ਸਲਾਹ ਦੇ ਸਕਦੇ ਹਨ।
  • ਗੁਪਤਤਾ ਬਣਾਈ ਰੱਖੋ। ਦੁਭਾਸ਼ੀਏ ਨਾਲ ਹੋਏ ਸੈਸ਼ਨਾਂ ਨੂੰ ਵੀ ਓਸੇ ਤਰ੍ਹਾਂ ਲਵੋ ਜਿਵੇਂ ਤੁਸੀਂ ਕਿਸੇ ਸਿੱਧੀ ਗੱਲਬਾਤ ਨੂੰ ਲੈਂਦੇ ਹੋ। ਸਾਂਝੀ ਕੀਤੀ ਗਈ ਸਾਰੀ ਜਾਣਕਾਰੀ ਗੁਪਤ ਰਹਿੰਦੀ ਹੈ।

ਹੋਰ ਵਧੀਕ ਸਰੋਤ

ਦੁਭਾਸ਼ੀਏ ਨਾਲ ਕੰਮ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਜਾਓ:

ਕੀ ਇਹ ਪੰਨਾ ਮਦਦਗਾਰ ਸੀ?(Required)

Your feedback helps us improve this page. NAATI uses this feedback to improve our website.

If you need a reply, please use our Contact us form.