ਕਲੀਨਿਕਾਂ ਲਈ ਡਿਜ਼ੀਟਲ ਜਾਗਰੂਕਤਾ ਕਿੱਟ
‘ਅਸੀਂ ਸਾਰੇ ਸਮਝੇ ਜਾਣ ਦੇ ਹੱਕਦਾਰ ਹਾਂ‘ ਇੱਕ ਰਾਸ਼ਟਰੀ ਮੁਹਿੰਮ ਹੈ, ਜੋ ਖ਼ਾਸ ਤੌਰ ‘ਤੇ ਸਿਹਤ ਸੰਭਾਲ ਸੇਵਾਵਾਂ ਵਿੱਚ NAATI-ਪ੍ਰਮਾਣਿਤ ਦੁਭਾਸ਼ੀਆਂ ਦੀ ਅਹਿਮ ਭੂਮਿਕਾ ਬਾਰੇ ਜਾਗਰੂਕਤਾ ਵਧਾ ਰਹੀ ਹੈ। ਇਹ ਮਰੀਜ਼ਾਂ ਨੂੰ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦੀ ਬਜਾਏ ਕਿਸੇ ਪੇਸ਼ੇਵਰ ਦੁਭਾਸ਼ੀਏ ਦੀ ਸੇਵਾ ਲੈਣ ਲਈ ਉਤਸ਼ਾਹਿਤ ਕਰਦੀ ਹੈ, ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਮਰੀਜ਼ਾਂ ਦੀ ਦੇਖਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਪ੍ਰਮਾਣਿਤ ਦੁਭਾਸ਼ੀਆਂ ਦੀਆਂ ਸੇਵਾਵਾਂ ਲੈਣ ਦੀ ਮਹੱਤਤਾ ਨੂੰ ਪਛਾਣਨ ਵਿੱਚ ਸਹਾਇਤਾ ਕਰਦੀ ਹੈ।
ਇਸ ਮੁਹਿੰਮ ਬਾਰੇ ਹੋਰ ਜਾਣਕਾਰੀ ਇੱਥੇ ਪੜ੍ਹੋ।

ਮੁਹਿੰਮ ਦਾ ਟੀਵੀ ਇਸ਼ਤਿਹਾਰ (60 ਸਕਿੰਟ)
SBS In Language ਦੇ ਸਹਿਯੋਗ ਨਾਲ ‘ਅਸੀਂ ਸਾਰੇ ਸਮਝੇ ਜਾਣ ਦੇ ਹੱਕਦਾਰ ਹਾਂ’ ਮੁਹਿੰਮ ਦਾ ਟੀਵੀ ਇਸ਼ਤਿਹਾਰ।
60 ਸਕਿੰਟਾਂ ਦਾ ਇਹ ਟੀਵੀ ਇਸ਼ਤਿਹਾਰ ਉਡੀਕ ਕਰਨ ਵਾਲੇ ਕਮਰਿਆਂ ਵਿੱਚ ਚਲਾਉਣ ਲਈ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਅੰਗਰੇਜ਼ੀ ਵਿੱਚ ਸੁਰਖੀਆਂ ਦੇ ਨਾਲ ਉਪਲਬਧ ਹੈ ਅਤੇ ਅਰਬੀ, ਸਰਲ ਚੀਨੀ, ਰਵਾਇਤੀ ਚੀਨੀ, ਫਰਾਂਸੀਸੀ, ਯੂਨਾਨੀ, ਹਿੰਦੀ, ਇਤਾਲਵੀ, ਖਮੇਰ, ਮੈਸੇਡੋਨੀਅਨ, ਰੂਸੀ, ਸਰਬੀਆਈ, ਸਪੈਨਿਸ਼, ਥਾਈ ਅਤੇ ਤੁਰਕੀ ਸਮੇਤ 14 ਭਾਸ਼ਾਵਾਂ ਵਿੱਚ ਸਬ-ਟਾਈਟਲਾਂ ਦੇ ਨਾਲ ਵੀ ਉਪਲਬਧ ਹੈ।
ਟੀਵੀ ਇਸ਼ਤਿਹਾਰ ਵਾਲਾ ਫੋਲਡਰ ਦੇਖੋ (mp4)
ਪੇਸ਼ੇਵਰ ਦੁਭਾਸ਼ੀਆ ਸੇਵਾਵਾਂ, NAATI ਪ੍ਰਮਾਣੀਕਰਨ ਅਤੇ ਸੁਰੱਖਿਅਤ ਜਨਰਲ ਪ੍ਰੈਕਟਿਸ
NAATI ਵੱਲੋਂ ਰੌਇਲ ਆਸਟ੍ਰੇਲੀਅਨ ਕਾਲਜ ਆਫ਼ ਜਨਰਲ ਪ੍ਰੈਕਟੀਸ਼ਨਰਜ਼ (RACGP) ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਵਿਹਾਰਕ ਸਰੋਤ ਉਨ੍ਹਾਂ ਜੀਪੀ, ਪ੍ਰੈਕਟਿਸ ਮੈਨੇਜਰ, ਰਿਸੈਪਸ਼ਨ ਸਟਾਫ਼ ਅਤੇ ਹੋਰ ਮੁੱਢਲੀ ਸਿਹਤ ਸੰਭਾਲ ਦੇ ਪੇਸ਼ੇਵਰਾਂ ਦੀ ਸਹਾਇਤਾ ਕਰਦਾ ਹੈ, ਜੋ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣ ਵਾਲੇ, ਜਾਂ ਬੋਲ਼ੇ ਜਾਂ ਘੱਟ ਸੁਣਨ ਵਾਲੇ ਮਰੀਜ਼ਾਂ ਨਾਲ ਕੰਮ ਕਰਦੇ ਹਨ।
ਇਹ ਸਰੋਤ ਇਸ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਕਿ ਦੁਭਾਸ਼ੀਏ ਦੀਆਂ ਸੇਵਾਵਾਂ ਕਦੋਂ ਅਤੇ ਕਿਵੇਂ ਲਈਆਂ ਜਾਣ, ਸਲਾਹ-ਮਸ਼ਵਰੇ ਦੌਰਾਨ ਦੁਭਾਸ਼ੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਕੰਮ ਕੀਤਾ ਜਾਵੇ, ਗ਼ੈਰ-ਰਸਮੀ ਦੁਭਾਸ਼ੀਆ ਸੇਵਾਵਾਂ, ਦੋ ਭਾਸ਼ਾਵਾਂ ਜਾਣਨ ਵਾਲੇ ਕਰਮਚਾਰੀਆਂ ਅਤੇ AI ਦੀ ਸਹਾਇਤਾ ਨਾਲ ਕੀਤੀ ਜਾਣ ਵਾਲੀ ਗੱਲਬਾਤ ਨਾਲ ਜੁੜੇ ਜ਼ੋਖਮ ਕੀ ਹਨ, NAATI ਪ੍ਰਮਾਣੀਕਰਨ ਅਤੇ ਗੁਣਵੱਤਾ ਦਾ ਭਰੋਸਾ ਕਿਵੇਂ ਯਕੀਨੀ ਬਣਾਇਆ ਜਾਂਦਾ ਹੈ, ਅਤੇ ਦੁਭਾਸ਼ੀਏ ਦੀ ਸਹਾਇਤਾ ਨਾਲ ਕੀਤੇ ਗਏ ਸਲਾਹ-ਮਸ਼ਵਰਿਆਂ ਲਈ ਬਿੱਲ ਕਿਵੇਂ ਬਣਾਇਆ ਜਾਂਦਾ ਹੈ।
ਸਰੋਤ ਡਾਊਨਲੋਡ ਕਰੋ (PDF 3.8MB) ਸਰੋਤ ਡਾਊਨਲੋਡ ਕਰੋ (Doc 2.8MB)
ਦੁਭਾਸ਼ੀਆ ਕਾਰਡ
NAATI ਨੇ ਲੋਕਾਂ ਨੂੰ ਭਾਸ਼ਾ ਸੰਬੰਧੀ ਸਹਾਇਤਾ ਦੀ ਲੋੜ ਪੈਣ ‘ਤੇ ਦੁਭਾਸ਼ੀਏ ਦੀ ਮੰਗ ਕਰਨ ਵਿੱਚ ਮਦਦ ਦੇਣ ਲਈ ਇੱਕ ਸਧਾਰਨ ਕਾਰਡ ਤਿਆਰ ਕੀਤਾ ਹੈ। ਇਹ ਦੱਸਣ ਲਈ ਕਿ ਦੁਭਾਸ਼ੀਏ ਦੀ ਲੋੜ ਹੈ, ਇਹ ਕਾਰਡ ਸੇਵਾ ਪ੍ਰਦਾਤਾ ਨੂੰ ਦਿਖਾਇਆ ਜਾ ਸਕਦਾ ਹੈ।
ਕਿਸੇ ਪੇਸ਼ੇਵਰ ਦੁਭਾਸ਼ੀਏ ਦੀਆਂ ਸੇਵਾਵਾਂ ਲੈਣ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਮਹੱਤਵਪੂਰਨ ਜਾਣਕਾਰੀ ਸਪੱਸ਼ਟ ਅਤੇ ਸਹੀ ਢੰਗ ਨਾਲ ਪਹੁੰਚਾਈ ਜਾਵੇ। NAATI ਤੋਂ ਪ੍ਰਮਾਣਿਤ ਦੁਭਾਸ਼ੀਏ ਯੋਗਤਾ ਪ੍ਰਾਪਤ ਪੇਸ਼ੇਵਰ ਹੁੰਦੇ ਹਨ, ਜੋ ਰਾਸ਼ਟਰੀ ਮਿਆਰਾਂ ਅਨੁਸਾਰ ਕੰਮ ਕਰਦੇ ਹਨ ਅਤੇ ਸਹੀ ਜਾਣਕਾਰੀ, ਗੁਪਤਤਾ ਅਤੇ ਨਿਰਪੱਖਤਾ ਬਣਾਈ ਰੱਖਣ ਲਈ ਵਚਨਬੱਧ ਹੁੰਦੇ ਹਨ।
ਸਰੋਤ ਡਾਊਨਲੋਡ ਕਰੋ (PDF 3.6MB)
ਵੇਟਿੰਗ ਰੂਮ ਲਈ ਪੋਸਟਰ
ਇਹ ਪੋਸਟਰ ਉਨ੍ਹਾਂ ਜੀਪੀ ਕਲੀਨਿਕਾਂ ਜਾਂ ਹਸਪਤਾਲਾਂ ਦੇ ਮਰੀਜ਼ਾਂ ਲਈ ਬਣੇ ਉਡੀਕ ਕਰਨ ਵਾਲੇ ਕਮਰਿਆਂ ਵਿੱਚ ਲਗਾਇਆ ਜਾ ਸਕਦਾ ਹੈ, ਜਿੱਥੇ ਦੁਭਾਸ਼ੀਏ ਦੀਆਂ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਮਰੀਜ਼ਾਂ ਨੂੰ ਦੁਭਾਸ਼ੀਏ ਦੀ ਮੰਗ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। NAATI ਵੱਲੋਂ LanguageLoop ਅਤੇ AUSIT ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਪੋਸਟਰ ਨੈਤਿਕਤਾ ਅਤੇ ਆਚਰਣ ਦੇ ਉਨ੍ਹਾਂ ਨਿਯਮਾਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਦਾ ਹੈ, ਜਿਨ੍ਹਾਂ ਦੀ ਪਾਲਣਾ ਕਰਨਾ ਪ੍ਰਮਾਣਿਤ ਦੁਭਾਸ਼ੀਆਂ ਲਈ ਲਾਜ਼ਮੀ ਹੈ, ਅਤੇ ਮਰੀਜ਼ਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਦੁਭਾਸ਼ੀਏ ਦੀਆਂ ਸੇਵਾਵਾਂ ਗੁਪਤ ਅਤੇ ਪੇਸ਼ੇਵਰ ਹੁੰਦੀਆਂ ਹਨ।
ਮਰੀਜ਼ਾਂ ਅਤੇ ਸਿਹਤ ਪੇਸ਼ੇਵਰਾਂ ਵਿਚਕਾਰ ਸਪੱਸ਼ਟ ਗੱਲਬਾਤ ਹੋਣੀ ਸੁਰੱਖਿਆ, ਪੂਰੀ ਜਾਣਕਾਰੀ ਦੇ ਆਧਾਰ ‘ਤੇ ਫ਼ੈਸਲੇ ਲੈਣ ਅਤੇ ਮਿਆਰੀ ਦੇਖਭਾਲ ਲਈ ਜ਼ਰੂਰੀ ਹੈ।
*’ਇਸ ਪੋਸਟਰ ਦਾ ਇੱਕ ਅਜਿਹਾ ਸੰਸਕਰਣ ਵੀ ਹੇਠਾਂ ਦਿੱਤੀਆਂ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਉੱਤੇ ‘ਇਹ ਮੁਫ਼ਤ ਹੈ’ ਨਹੀਂ ਲਿਖਿਆ ਹੋਇਆ। ਇਸ ਦੀ ਕਾਪੀ ਮੰਗਵਾਉਣ ਲਈ communications@naati.com.au ‘ਤੇ ਸੰਪਰਕ ਕਰੋ।